12 April 2021

ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਤੋਂ ਬਾਅਦ ਦਿੱਲੀ ਪੁਲਿਸ ਦਾ ਵੱਡਾ ਖੁਲਾਸਾ, ਆਪਣੇ ਮੂੰਹੋਂ ਹੀ ਦੱਸ ਦਿੱਤਾ ਸਭ ਕੁੱਝ

Tags

ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੰਜਾਬ ’ਚ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖ ਦੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਪੁਲਿਸ ਨੇ ਇਹ ਮੰਨਿਆ ਹੈ ਕਿ ਉਸ ਤੋਂ ਪੁੱਛਗਿੱਛ ਜ਼ਰੂਰ ਕੀਤੀ ਗਈ ਸੀ। ਦੱਸ ਦੇਈਏ ਕਿ ਗੈਂਗਸਟਰ ਤੋਂ ਕਾਰਕੁਨ ਬਣਿਆ ਲੱਖਾ ਸਿਧਾਣਾ ਦਰਅਸਲ, ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਵਾਪਰੀ ਹਿੰਸਾ ਦੇ ਮਾਮਲੇ ’ਚ ਲੋੜੀਂਦਾ ਹੈ। ਦਿੱਲੀ ਪੁਲਿਸ ਨੇ ਇੱਥੇ ਜਾਰੀ ਬਿਆਨ ’ਚ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਕੁਝ ਗ਼ਲਤ ਤਰ੍ਰਾਂ ਦੀ ਜਾਣਕਾਰੀ ਪ੍ਰਚਾਰਿਤ ਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਗੁਰਦੀਪ ਸਿੰਘ ਉਰਫ਼ ਮੁੰਡੀ ਨੂੰ ਦਿੱਲੀ ਪੁਲਿਸ ਦੀ ਕਿਸੇ ਟੀਮ ਨੇ ਪੰਜਾਬ ਵਿੱਚ ਜਾ ਕੇ ਆਪਣੀ ਹਿਰਾਸਤ ’ਚ ਨਹੀਂ ਲਿਆ।

ਇਸੇ ਵਰ੍ਹੇ 26 ਜਨਵਰੀ ਨੂੰ ਜਦੋਂ ਅੰਦੋਲਨਕਾਰੀ ਕਿਸਾਨ ਗ਼ਾਜ਼ੀਪੁਰ ਤੋਂ ਆਈਟੀਓ ਪੁੱਜੇ, ਤਾਂ ਉੱਥੇ ਕਿਸਾਨਾਂ ਦਾ ਪੁਲਿਸ ਨਾਲ ਝਗੜਾ ਹੋ ਗਿਆ। ਤਦ ਬਹੁਤ ਸਾਰੇ ਰੋਸ ਮੁਜ਼ਾਹਰਾਕਾਰੀ ਟ੍ਰੈਕਟਰ ਲਾਲ ਕਿਲੇ ਵੱਲ ਲੈ ਕੇ ਅੰਦਰ ਘੁਸ ਗਏ। ਉੱਥੇ ਉਨ੍ਹਾਂ ਨੇ ਨਿਸ਼ਾਨ ਸਾਹਿਬ ਵੀ ਲਹਿਰਾਇਆ। ਉਸ ਦਿਨ ਦੀ ਹਿੰਸਾ ਵਿੱਚ 500 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ। ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੀ ਪਰੇਡ ਦੇ ਮਾਮਲੇ ’ਚ ਕਈ ਕੇਸ ਦਾਇਰ ਕੀਤੇ ਸਨ। ਲਗਭਗ 160 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ; ਜੋ ਦਿੱਲੀ ਤੇ ਕੁਝ ਹੋਰਨਾਂ ਰਾਜਾਂ ਨਾਲ ਸਬੰਧਤ ਸਨ। ਲੱਖਾ ਸਿਧਾਣਾ ਅਜਿਹੇ ਹੀ ਮਾਮਲੇ ’ਚ ਪੁਲਿਸ ਨੂੰ ਲੋੜੀਂਦਾ ਹੈ। ਦਿੱਲੀ ਪੁਲਿਸ ਨੇ ਆਪਣੇ ਬਿਆਨ ’ਚ ਆਖਿਆ ਹੈ ਕਿ ਲੱਖਾ ਸਿਧਾਣਾ ਜਾਣਬੁੱਝ ਕੇ ਆਪਣੀ ਗ੍ਰਿਫ਼ਤਾਰੀ ਤੋਂ ਟਲ਼ਦਾ ਫਿਰ ਰਿਹਾ ਹੈ।

ਪੁਲਿਸ ਅਨੁਸਾਰ 8 ਅਪ੍ਰੈਲ ਨੂੰ ਦਿੱਲੀ ਪੁਲਿਸ ਦੇ ਇੱਕ ਵਿਸ਼ੇਸ਼ ਸੈੱਲ ਦੀ ਟੀਮ ਜਦੋਂ ਪਟਿਆਲਾ ਲਾਗਲੇ ਇਲਾਕਿਆਂ ਵਿੱਚ ਲੱਖਾ ਸਿਧਾਣਾ ਦੀ ਭਾਲ ’ਚ ਘੁੰਮ ਰਹੀ ਸੀ, ਤਦ ਉਨ੍ਹਾਂ ਗੁਰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਸੀ। ਪੁਲਿਸ ਅਨੁਸਾਰ ਗੁਰਦੀਪ ਸਿੰਘ ਤੋਂ ਸਿਰਫ਼ ਲੱਖਾ ਸਿਧਾਣਾ ਦੇ ਲੁਕਣ ਦਾ ਟਿਕਾਣਾ ਤੇ ਉਸ ਦੀਆਂ ਹੋਰ ਗਤੀਵਿਧੀਆਂ ਬਾਰੇ ਪੁੱਛਿਆ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਸੀ ਕਿ ਜਦੋਂ ਵੀ ਕਦੇ ਲੋੜ ਪਈ, ਤਾਂ ਉਸ ਤੋਂ ਦੋਬਾਰਾ ਵੀ ਪੁੱਛਗਿੱਛ ਕੀਤੀ ਜਾ ਸਕੇਗੀ।

ਪੀਟੀਆਈ ਅਨੁਸਾਰ ਪੁਲਿਸ ਨੇ ਆਪਣੇ ਬਿਆਨ ’ਚ ਇਹ ਵੀ ਕਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ 160 ਵਿਅਕਤੀਆਂ ਵਿੱਚੋਂ ਵੀ ਕਿਸੇ ਨੇ ਹਾਲੇ ਤੱਕ ਕੁੱਟਮਾਰ ਦਾ ਦੋਸ਼ ਨਹੀਂ ਲਾਇਆ। ਦਿੱਲੀ ਪੁਲਿਸ ਨੇ ਅਜਿਹੇ ਦੋਸ਼ਾਂ ਨੂੰ ਬਿਲਕੁਲ ਝੂਠ, ਬੇਬੁਨਿਆਦ ਤੇ ਬਿਨਾ ਮਤਲਬ ਦਬਾਅ ਵਧਾਉਣ ਲਈ ਲਾਏ ਗਏ ਦੱਸਿਆ ਹੈ।


EmoticonEmoticon