ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਚੌਥੇ ਉਤਰਾਧਿਕਾਰੀ ਹੋਏ ਜਿਨ੍ਹਾਂ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਰੋਸ਼ਨੀ ਨਾਲ ਦੂਰ ਕੀਤਾ। ਆਪ ਜੀ ਦਾ ਜੀਵਨ ਸਮੁੱਚੇ ਮਨੁੱਖੀ ਜੀਵਨ ਦਾ ਦਰਪਣ ਹੈ ਕਿਉਂਕਿ ਉਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਜੀਵਨ ਵਿੱਚ ਹਰ ਕੌੜੇ, ਫਿੱਕੇ ਤੇ ਪੀੜਾਂ ਭਰਪੂਰ ਦਿਨ ਦੇਖੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਜੀਵਨ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਬਣਾ ਦਿੱਤਾ ਅਤੇ ਅਜਿਹੇ ਅਮੀਰੀ ਗੁਣਾਂ ਭਰਪੂਰ ਹੀਰੇ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਦਿੱਬ ਦ੍ਰਿਸ਼ਟੀ ਅਨੁਸਾਰ ਪਹਿਚਾਣ ਕੇ ਸਿੱਖ ਕੌਮ ਦਾ ਹੋਰ ਮਾਣ ਵਧਾ ਦਿੱਤਾ। ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534ਈ: ਨੁੰ ਸੋਢੀ ਹਰਿਦਾਸ ਜੀ ਦੇ ਘਰ, ਮਾਤਾ ਦਇਆ ਕੌਰ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ।ਗੁਰੂ ਰਾਮਦਾਸ ਜੀਘਰ ਵਿੱਚ ਪਲੇਠੀ ਦਾ ਪੁੱਤਰ ਸਨ ਤੇ ਇਸ ਕਰਕੇ ਵੱਡਾ (ਜੇਠਾ) ਪੁੱਤਰ ਹੋਣ ਕਰਕੇ ਇਨ੍ਹਾਂ ਦਾ ਨਾਂ ‘ਜੇਠਾ’ ਹੀ ਪੈ ਗਿਆ।
ਪਰ ਇਨ੍ਹਾਂ ਦਾ ਮੂਲ ਨਾਂ ਰਾਮਦਾਸ ਸੀ। ਜੇਠਾ ਜੀ ਦੀ ਪਾਲਣਾ ਵੀ ਗੁਰਮਤਿ ਸੰਸਕਾਰਾਂ ਅਧੀਨ ਧਾਰਮਿਕ ਬਿਰਤੀ ਵਾਲੇਮਾਂ ਬਾਪ ਦੇ ਅਸਰ ਹੇਠ ਸ਼ੁਰੂ ਹੋਈ। ਪਰ ਹੋਣੀ ਅਜਿਹੀ ਸੀ ਕਿ ਅਜੇ ਛੋਟੀ ਉਮਰ ਦੇ ਹੀ ਸਨ ਕਿ ਮਾਤਾ ਜੀ ਚਲਾਣਾ ਕਰ ਗਏ ਅਤੇ ਸੱਤ ਸਾਲਾਂ ਦੀ ਉਮਰ ਹੋਈ ਤਾਂ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ। ਮਾਤਾ ਪਿਤਾ ਦੇ ਚਲਾਣੇ ਤੋਂ ਬਾਅਦ ਜੇਠਾ ਜੀ ਇਕਦਮ ਯਤੀਮ ਹੋ ਗਏ ਪਰ ਉਨ੍ਹਾਂ ਬਿਨਾਂ ਕਿਸੇ ਵੀ ਆਸਰੇ ਦੀ ਪਰਵਾਹ ਕੀਤਿਆਂ ਛੋਟੀ ਉਮਰ ਵਿੱਚ ਹੀ ਹੱਥੀਂ ਕਿਰਤ ਕਰਨੀ ਆਰੰਭ ਕਰ ਦਿੱਤੀ। ਉਨ੍ਹਾਂ ਦੀ ਬਿਰਧ ਨਾਨੀ ਜੋ ਕਿ ਬਾਸਰਕੇਇਕੱਲੀ ਹੀ ਰਹਿੰਦੀ ਸੀ, ਜੇਠਾ ਜੀ ਦੀ ਅਜਿਹੀ ਤਰਸਯੋਗ ਹਾਲਤ ਨੂੰ ਸਹਿਣ ਨਾ ਕਰ ਸਕੀ ਤੇ ਜੇਠਾ ਜੀ ਨੂੰ ਆਪਣੇ ਨਾਲ ਲਾਹੌਰ ਤੋਂ ਬਾਸਰਕੇ ਲੈ ਗਈ। ਇਸ ਗੱਲ ਦਾ ਦੁੱਖ ਆਂਢ ਗੁਆਢ ਵਾਲਿਆਂ ਤੇ ਸਕੇ ਸਬੰਧੀਆਂ ਨੇ ਜ਼ਰੂਰ ਪ੍ਰਗਟ ਕੀਤਾ ਪਰ ਕੌਣ ਜਾਣਦਾ ਸੀ ਕਿ ਇਸ ਲਵਾਰਿਸ ਬਾਲਕ ਨੇ ਹੀ ਇਕ ਦਿਨ ਨਿਆਸਰਿਆਂ ਦਾ ਆਸਰਾ ਬਣਨਾ ਸੀ ਅਤੇ ਇਸਦੇ ਸਿਰ ਤੇ ਪਰਮਾਤਮਾ ਦੀ ਮਿਹਰ ਸਦਕਾ ਰੱਬੀ ਛਤਰ ਝੂਲਣਾ ਸੀ।
EmoticonEmoticon